ਨਵਾਂਸ਼ਹਿਰ (ਮਨੋਰੰਜਨ ਕਾਲੀਆ) : ਜ਼ਿਲ੍ਹਾ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਤਿੰਨ ਦਿਨਾ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪੜੇ ਚਾੜ੍ਹਨ ਲਈ ਯਤਨਸ਼ੀਲ ਹੈ।
ਇਸ ਮੁਹਿੰਮ ਵਿੱਚ ਨਿਗਰਾਨੀ ਅਫ਼ਸਰ-ਕਮ- ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ ਨੇ ਉਪ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਬਾਲਮਿਕ ਮੁਹੱਲਾ, ਬੰਗਾ ਸਮੇਤ ਉੱਚ ਜ਼ੋਖਮ ਵਾਲੇ ਖੇਤਰਾਂ ਵਿੱਚ ਚੈਕਿੰਗ ਕੀਤੀ ਅਤੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ ਲਈ ਬੱਚਿਆਂ ਦੀਆਂ ਉਂਗਲਾਂ ਉੱਤੇ ਸਿਆਹੀ ਦੇ ਨਿਸ਼ਾਨ ਚੈੱਕ ਕੀਤੇ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰੀਸ਼ ਕਿਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਤੱਕ ਦੇ ਹਰ ਬੱਚੇ ਨੂੰ ਪੋਲੀਓ ਬੂੰਦਾਂ ਪਿਲਾਉਣ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਇਸ ਕੰਮ ਲਈ ਪੋਲੀਓ ਵੈਕਸੀਨੇਸ਼ਨ ਟੀਮਾਂ ਘਰ-ਘਰ ਜਾ ਕੇ ਕੁੰਡਾ ਖੜਕਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪੋਲੀਓ ਵੈਕਸੀਨ ਹਰ ਬੱਚੇ ਨੂੰ ਜੀਵਨ ਭਰ ਸੁਰੱਖਿਆ ਪ੍ਰਦਾਨ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ੀਰੋ ਤੋਂ ਪੰਜ ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾ ਕੇ ਇਸ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ।